Phone: +91 98709 81709 Email: khabarworldpunjabi@gmail.com Email: info@khabarworldpunjabi.com

ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਤੋਂ ਮੁਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ

Nov 11, 2018 | | Ludhiana

ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਸੂਬਾ ਕਮੇਟੀ ਮੀਟਿੰਗ

ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਤੋਂ ਮੁਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ

ਮੁੱਖ ਮੰਤਰੀ ਦੇ ਓ.ਐੱਸ.ਡੀ. ਵੱਲੋਂ ਮੋਰਚਾ ਚੱਕਣ ਤੇ ਮੀਟਿੰਗ ਕਰਨ ਦੀ ਟਿੱਪਣੀ ਬੇਬੁਨਿਆਦ ਤੇ ਫੁੱਟ ਪਾਊ ਕਰਾਰ

ਪੂਰੇ ਗ੍ਰੇਡ ਤੇ ਵਿਭਾਗ ਵਿੱਚ ਸੇਵਾਵਾਂ ਰੈਗੂਲਰ ਹੋਣ ਲਈ ਸੰਘਰਸ਼ ਨੂੰ ਹੋਰ ਤੇਜ ਕਰਨ ਸੰਬੰਧੀ ਹੋਈ ਵਿਚਾਰ ਚਰਚਾ

8886 ਅਧਿਆਪਕਾਂ ਦੇ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੱਕ ਜਾਰੀ ਰਹੇਗਾ ਸੰਘਰਸ਼

ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਆਉਣ ਵਾਲੇ ਦਿਨਾਂ ਦੌਰਾਨ ਕੀਤਾ ਜਾਣ ਵਾਲੇ ਤਿੱਖੇ ਸੰਘਰਸ਼ਾਂ ਵਿੱਚ ਵਧਵੀਂ ਸ਼ਮੂਲੀਅਤ ਦਾ ਫੈਸਲਾ

ਸੰਘਰਸ਼ ਦੀ ਦਾਬ ਤੇ ਤਿੱਖ ਵਧਾਉਣ ਲਈ ਜਨਤਕ ਹਲਕਿਆਂ ਵਿੱਚ ਵਧਵੀਂ ਪਹੁੰਚ ਕਰਦਿਆਂ ਪਿੰਡਾਂ, ਸ਼ਹਿਰਾਂ ਵਿੱਚ ਲਾਮਬੰਦੀ ਹੋਰ ਤੇਜ਼ ਕਰਨ ਦਾ ਫੈਸਲਾ

ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਅਤੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ ਦੀ ਅਗਵਾਈ ਵਿੱc ਹੋਈ।ਇੱਥੇ ਵਰਨਣਯੋਗ ਹੈ ਕਿ ਐਸ.ਐਸ.ਏ./ਰਮਸਾ ਅਧੀਨ 8500 ਅਧਿਆਪਕ ਪਿਛਲੇ ਲੱਗਭਗ 9 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਸਿੱਖਿਆ ਅਧਿਕਾਰ ਕਾਨੂੰਨ ਸਮੇਤ ਲਗਭਗ ਅੱਧੀ ਦਰਜਨ ਦਸਤਾਵੇਜ਼ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਗਰੇਡ ਨਾਲ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਗਵਾਹੀ ਭਰਦੇ ਹਨ।ਪ੍ਰੰਤੂ ਪੰਜਾਬ ਸਰਕਾਰ ਵੱਲੋਂ ਆਪਣੀ ਸ਼ੋਸ਼ਣਕਾਰੀ ਨੀਤੀ ਦੇ ਚੱਲਦਿਆਂ 94% ਅਧਿਆਪਕਾਂ ਦੀ ਸਹਿਮਤੀ ਦੇ ਝੂਠੇ ਅੰਕੜਿਆਂ ਦੇ ਆਧਾਰ ਤੇ ਇਹਨਾਂ ਅਧਿਆਪਕਾਂ ਦੀ ਤਨਖਾਹ ਵਿੱਚ 75% ਤੱਕ ਦੀ ਵੱਡੀ ਕਟੌਤੀ ਕੀਤੀ ਗਈ ਹੈ।ਜਿਸ ਦੇ ਵਿਰੋਧ ਵਜੋਂ ਇਹ ਅਧਿਆਪਕ ਬੀਤੀ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਹਨ। ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਦੱਸਿਆ ਕਿ 27 ਅਪ੍ਰੈਲ ਦੀ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਕੇ, ਸ਼ਾਹਕੋਟ ਜਿਮਨੀ ਚੋਣ ਤੋਂ ਬਾਅਦ ਇਹਨਾਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇਣ ਵਾਲੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ 5ਵੀਂ ਵਾਰ ਮੀਟਿੰਗ ਤੋਂ ਮੁਕਰਨਾ ਬਹੁਤ ਹੀ ਨਿੰਦਣਯੋਗ ਹੈ। ਮੁੱਖ ਮੰਤਰੀ ਪੰਜਾਬ ਦੇ ਮੀਟਿੰਗ ਤੋਂ ਵਾਰ ਵਾਰ ਮੁਕਰਨ ਨੇ ਉਹਨਾਂ ਦੀ ਸੂਬੇ ਤੇ ਇਸ ਦੇ ਨਾਗਰਿਕਾਂ ਦੀਆਂ ਜ਼ਰੂਰਤਾਂ ਅਤੇ ਮੰਗਾਂ ਪ੍ਰਤੀ ਗੈਰ ਸੁਹਿਰਦਤਾ ਨੂੰ ਸਪੱਸ਼ਟ ਕਰ ਦਿੱਤਾ ਹੈ।ਉਹਨਾਂ ਸੰਵਿਧਾਨਿਕ ਅਹੁੱਦੇ ਦੀ ਮਰਿਯਾਦਾ ਦੇ ਉਲਟ ਮੁੱਖ ਮੰਤਰੀ ਵੱਲੋਂ ਆਪਣੇ ਕੀਤੇ ਵਾਅਦਿਆਂ ਤੋਂ ਭੱਜਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਉਹਨਾਂ ਆਖਿਆ ਕਿ 23 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੁੱਖ ਪ੍ਰਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਲੱਗਭਗ 4 ਘੰਟੇ ਚੱਲੀ ਮੀਟਿੰਗ ਵਿੱਚ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਤਨਖਾਹ ਸੁਰੱਖਿਅਤ ਕਰਨ ਦੀ ਹੋਈ ਸਹਿਮਤੀ ਦੀ ਗਵਾਹੀ ਭਰਨ ਵਾਲੇ ਓ.ਐੱਸ.ਡੀ. ਵੱਲੋਂ ਮੁੱਖ ਮੰਤਰੀ ਦੇ ਮੀਟਿੰਗ ਤੋਂ ਮੁਕਰਨ ਦਾ ਰਾਹ ਲੱਭਣ ਲਈ ਧਰਨਾ ਚੁੱਕਣ ਤੇ ਗੱਲਬਾਤ ਕਰਨ ਦਾ ਬਿਆਨ ਦੇਣਾ ਪੂਰੀ ਤਰ੍ਹਾ ਬੇ-ਬੁਨਿਆਦ ਹੈ ਜਿਸ ਨੂੰ ਕਦੇ ਵੀ ਸਵਿਕਾਰ ਨਹੀ ਕੀਤਾ ਜਾ ਸਕਦਾ । ਉਹਨਾਂ 23 ਅਕਤੂਬਰ ਦੀ ਮੀਟਿੰਗ ਵਿੱਚ ਧਰਨਾ ਚੁੱਕੇ ਜਾਣ ਲਈ ਹੋਈ ਸਹਿਮਤੀ ਦੇ ਓ.ਐੱਸ.ਡੀ. ਵੱਲੋਂ 5 ਨਵੰਬਰ ਨੂੰ ਜਾਰੀ ਕੀਤੇ ਬਿਆਨ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਇਸਦੇ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਲਈ ਝੂਠੇ ਅੰਕੜਿਆਂ ਤੇ ਮੋਰਚੇ ਦੀ ਸਹਿਮਤੀ ਦੇ ਝੂਠੇ ਬਿਆਨਾਂ ਨੂੰ ਆਧਾਰ ਬਣਾਉਣ ਮਗਰੋਂ ਹੁਣ ਓ.ਐੱਸ.ਡੀ. ਵੱਲੋਂ ਵੀ ਉਸੇ ਰਾਹ ਚੱਲਦਿਆਂ ਅਧਿਆਪਕ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਅਤੇ ਸਰਕਾਰ ਦੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਭੱਜਣ ਲਈ ਊਲ-ਜਲੂਲ ਬਿਆਨ ਦਿੱਤੇ ਜਾ ਰਹੇ ਹਨ।ਉਹਨਾਂ ਸਰਕਾਰ ਦੇ ਅਜਿਹੇ ਤੱਥਹੀਣ ਬਿਆਨਾਂ ਨੂੰ ਫੁੱਟ ਪਾਊ ਅਤੇ ਸ਼ਰਮਨਾਕ ਕਰਾਰ ਦਿੱਤਾ।

ਇਸ ਸਮੇਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਵਿਚਾਰ ਚਰਚਾ ਕਰਦਿਆਂ ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਵੱਲੋਂ ਪੰਜਾਬ ਸਰਕਾਰ ਦੁਆਰਾ 8886 ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਮੁੱਢਲੀ ਤਨਖਾਹ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਜਾਂ ਮਿਲ ਰਹੀ ਤਨਖਾਹ ਤੇ ਸੁਸਾਇਟੀ ਵਿੱਚ ਹੀ ਕੰਮ ਕਰਨ ਦੀਆਂ ਦੋਨੇ ਪ੍ਰਪੋਜ਼ਲਾਂ ਨੂੰ ਮੁਢੋਂ ਨਕਾਰਦੇ ਹੋਏ ਪੂਰੀ ਤਨਖਾਹ ਅਤੇ ਸਾਰੀਆਂ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੱਕ ਸੰਘਰਸ਼ ਦੇ ਮੈਦਾਨ ਨੂੰ ਹੋਰ ਭਖਾਉਣ ਦਾ ਅਹਿਦ ਕੀਤਾ ਗਿਆ।

ਇਸ ਸਮੇਂ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ ਨੇ ਸਿੱਖਿਆ ਸਕੱਤਰ ਵੱਲੋਂ ਸੰਵਿਧਾਨਿਕ ਅਹੁੱਦੇ ਤੇ ਬੈਠ ਸੰਵਿਧਾਨ ਦੀਆਂ ਧੱਜੀਆਂ ਉਡਾਉਦਿਆਂ ਰੈਗੂਲਰ ਕਰਨ ਦੇ ਨਾਮ ਹੇਠ ਝੂਠੇ ਅੰਕੜਿਆਂ ਦੇ ਆਧਾਰ ਤੇ 8886 ਅਧਿਆਪਕਾਂ ਦੀ 75% ਤੱਕ ਦੀ ਤਨਖਾਹ ਕਟੌਤੀ ਕਰਨ ਮਗਰੋਂ ਹੁਣ ਅਧਿਆਪਕਾਂ ਨੂੰ ਇਸ ਦਮਨਕਾਰੀ ਨੀਤੀ ਨੂੰ ਮਨਜ਼ੂਰ ਕਰਨ ਲਈ ਮਜ਼ਬੂਰ ਕਰਦਿਆਂ ਉਹਨਾਂ ਦੀਆਂ ਛੁੱਟੀਆਂ ਵਿੱਚ ਵੱਡੀ ਕਟੌਤੀ ਕਰਨ,ਆਪਸ਼ਨ ਨਾ ਕਲਿੱਕ ਕਰਨ ਵਾਲੇ ਅਧਿਆਪਕਾਂ ਦੀ ਥਾਂ ਉਨ੍ਹਾਂ ਦੇ ਸਕੂਲਾਂ ਵਿੱਚ ਆਪਸ਼ਨ ਕਲਿੱਕ ਕਰਨ ਵਾਲੇ ਅਧਿਆਪਕਾਂ ਦੀਆਂ ਨਿਯੁਕਤੀਆਂ ਕਰਨ, ਅਧਿਆਪਕਾਂ ਦੀਆਂ ਮੁਅੱਤਲੀਆਂ ਬਦਲੀਆਂ ਕਰਨ ਤੋਂ ਇਲਾਵਾ ਆਪਣੇ ਅਧਿਕਾਰੀ ਰਾਹੀਂ ਅਧਿਆਪਕਾਂ ਤੱਕ ਪਹੁੰਚ ਕਰ ਉਹਨਾਂ ਨੂੰ ਆਪਸ਼ਨ ਕਲਿੱਕ ਕਰਨ ਲਈ ਮਜਬੂਰ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਜਿਹੇ ਘਟੀਆ ਹਰਬੇ ਵਰਤੇ ਜਾ ਰਹੇ ਹਨ।ਪਰ ਸਿੱਖਿਆ ਅਧਿਕਾਰੀਆਂ ਵੱਲੋਂ ਆਪਣੇ ਰੁਤਬੇ ਦੀ ਦੁਰਵਰਤੋਂ ਕਰ ਗੈਰ ਸੰਵਿਧਾਨਿਕ ਚਾਲਾਂ,ਧਮਕੀਆਂ,ਫਰੇਬਾਂ ਦੇ ਬਾਵਜੂਦ ਵੀ ਵੱਡੀ ਗਿਣਤੀ ਅਧਿਆਪਕ ਸੰਘਰਸ਼ ਦੇ ਮੈਦਾਨਾਂ ਵਿੱਚ ਡਟੇ ਹੋਏ ਹਨ ਤੇ ਆਪਣੀਆਂ ਹੱਕੀ ਮੰਗਾਂ ਜਿਹਨਾਂ ਵਿੱਚ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਵਾਪਸ ਲੈ ਕੇ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਚ ਰੈਗੂਲਰ ਕਰਵਾਉਣ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੇ ਗਰੇਡ ਵਿੱਚ ਰੈਗੂਲਰ ਕਰਵਾਉਣ,ਈ.ਜੀ.ਐਸ./ ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰ ਕੈਟੇਗਰੀਆਂ ਲਈ ਰੈਗੂਲਰ ਦੀ ਪਾਲਸੀ ਤਿਆਰ ਕਰਨ,ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਵਾਉਣ,ਪੜ੍ਹੋ ਪੰਜਾਬ ਵਰਗੇ ਸਿਲੇਬਸ ਤੋਂ ਹਟਵੇਂ ਪ੍ਰਾਜੈਕਟ ਨੂੰ ਬੰਦ ਕਰਵਾਉਣ, ਡੀ.ਏ. ਦੀਆਂ ਰੋਕੀਆਂ ਕਿਸ਼ਤਾਂ ਜਾਰੀ ਕਰਵਾੳਣ, ਰੈਸ਼ਨੇਲਾਈਜੇਸ਼ਨ ਅਤੇ ਬਦਲੀਆਂ ਦੀ ਨੀਤੀ ਤਰਕਸੰਗਤ ਕਰਵਾਉਣ ਆਦਿ ਸ਼ਾਮਿਲ ਹਨ ਨੂੰ ਪੂਰਾ ਕਰਵਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।

ਇਸ ਮਗਰੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਤੇ ਤਸੱਲੀ ਪ੍ਰਗਟ ਕਰਦਿਆਂ ਸਰਕਾਰ ਦੀਆਂ ਫੁੱਟ ਪਾਉਣ ਦੀਆਂ ਚਾਲਾਂ ਤੋਂ ਸੁਚੇਤ ਰਹਿ ਕੇ ਮੋਰਚੇ ਵੱਲੋਂ ਪਹਿਲਾਂ ਐਲਾਨੇ ਜੇਲ੍ਹ ਭਰੋ ਅੰਦੋਲਨ ਸਮੇਤ ਆਉਣ ਵਾਲੇ ਦਿਨਾਂ ਦੌਰਾਨ ਦਿੱਤੇ ਜਾਣ ਵਾਲੇ ਸਮੂਹ ਤਿੱਖੇ ਅਤੇ ਡਟਵੇਂ ਸੰਘਰਸ਼ਾਂ ਵਿੱਚ ਵਧਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਜੱਥੇਬੰਦੀ ਵੱਲੋਂ ਪਟਿਆਲਾ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਕਰਦਿਆਂ ਆਉਣ ਵਾਲੇ ਦਿਨਾਂ ਦੌਰਾਨ ਸਰਕਾਰ ਤੇ ਸੰਘਰਸ਼ ਦੀ ਦਾਬ ਅਤੇ ਤਿੱਖ ਵਧਾਉਣ ਲਈ ਜਨਤਕ ਹਲਕਿਆਂ ਵਿੱਚ ਵਧਵੀਂ ਪਹੁੰਚ ਕਰਦਿਆਂ ਸਰਕਾਰੀ ਸਿੱਖਿਆਂ ਨੂੰ ਬਚਾਉਣ ਹਿੱਤ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੀਤੀ ਜਾ ਰਹੀ ਲਾਮਬੰਦੀ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਇਸ ਮੀਟਿੰਗ ਵਿੱਚ ਸਤਨਾਮ ਸਿੰਘ ਖਮਾਣੋਂ, ਰਤਨਜੋਤ ਸ਼ਰਮਾ, ਸ਼ਮਿੰਦਰ ਸਿੰਘ, ਜਸਵਿੰਦਰ ਸਿੰਘ, ਬਚਿੱਤਰ ਸਿੰਘ,ਰਾਜਵੀਰ ਸਿੰਘ ਸਮਰਾਲਾ, ਅਮਨਦੀਪ ਸਿੰਘ ਦੱਧਾਹੂਰ, ਗਗਨਦੀਪ ਸਿੰਘ ਰੋਂਤਾ,ਗੁਰਮਿੰਦਰ ਸਿੰਘ ਰਿੱਕੀ, ਗਗਨਦੀਪ ਪਾਹਵਾ, ਨਛੱਤਰ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਖਾਲਸਾ, ਨਿਤਿਨ ਕੁਮਾਰ, ਮੁਕੇਸ਼ ਕੁਮਾਰ, ਗਗਨਦੀਪ ਸ਼ਰਮਾ,ਜਸਵਿੰਦਰ ਸਿੰਘ, ਬਲਜੀਤ ਮੋਹਾਲੀ, ਦਰਸ਼ਨ ਸਿੰਘ, ਸੁਖਮੰਦਰ ਸਿੰਘ, ਸਰਬਣ ਸਿੰਘ ਮਾਣੂੰਕੇ, ਜਸਕੌਲਪ੍ਰੀਤ ਸਿੰਘ, ਸਤਨਾਮ ਸਿੰਘ,ਜਤਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਬੰਗੀ, ਪਰਦੀਪ ਸਿੰਘ,ਜੁਝਾਰ ਸਿੰਘ, ਹਰਪ੍ਰੀਤ ਸਿੰਘ,ਮੈਡਮ ਸਨੇਹਦੀਪ,ਮਨਰਾਜ ਸਿੰਘ ਆਦਿ ਹਾਜ਼ਰ ਸਨ।

56

ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਤੋਂ ਮੁਕਰਨ ਦੀ ਤਿੱਖੇ ਸ਼

Comments


ABOUT US


Sahi Soch Sahi Khabar

CONTACT DETAILS


Khabar World Punjabi
Dr AVM Public Senior Secondary School, Issa Nagri, Ludhiana-141008
Phone: 0 98709 81709
Email: khabarworldpunjabi@gmail.com